ਹੁਸ਼ਿਆਰਪੁਰ ਦੇ ਲਾਜਵੰਤੀ ਸਟੇਡੀਅਮ ਦੀ ਅਥਲੀਟ ਸੋਨੀ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਥਲੈਟਿਕ ਮੀਟ ਵਿੱਚ ਜਿੱਤੇ ਤਿੰਨ ਮੈਡਲ
ਇੱਕ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਲਾਜਵੰਤੀ ਸਟੇਡੀਅਮ ਦੀ ਹੋਣਹਾਰ ਅਥਲੀਟ ਸੋਨੀ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਮਿਤੀ 02 ਤੋਂ 04 ਨਵੰਬਰ h2026 ਤੱਕ ਆਯੋਜਿਤ ਐਥਲੈਟਿਕ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।
ਸੋਨੀ ਕੌਰ ਨੇ 100 ਮੀਟਰ ਦੌੜ ਵਿੱਚ ਸਿਲਵਰ ਮੈਡਲ, 4×100 ਮੀਟਰ ਰਿਲੇਅ ਵਿੱਚ ਗੋਲਡ ਮੈਡਲ ਅਤੇ 4×400 ਮੀਟਰ ਰਿਲੇਅ ਵਿੱਚ ਸਿਲਵਰ ਮੈਡਲ ਹਾਸਲ ਕਰਕੇ ਆਪਣੀ ਖੇਡ ਪ੍ਰਤਿਭਾ ਅਤੇ ਮਿਹਨਤ ਦਾ ਸ਼ਾਨਦਾਰ ਸਬੂਤ ਦਿੱਤਾ।

ਜ਼ਿਕਰਯੋਗ ਹੈ ਕਿ ਸੋਨੀ ਕੌਰ ਪਿਛਲੇ 2 ਸਾਲ ਤੋਂ ਆਪਣੇ ਕੋਚ ਸ੍ਰੀ ਬਲਜੀਤ ਸਿੰਘ ਦੀ ਅਗਵਾਈ ਹੇਠ ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ ਵਿਖੇ ਨਿਯਮਤ ਅਭਿਆਸ ਕਰ ਰਹੀ ਹੈ। ਆਪਣੀ ਫਿਟਨੈੱਸ ਨੂੰ ਬਿਹਤਰ ਬਣਾਉਣ ਲਈ ਉਹ ਸ੍ਰੀ ਅਵਤਾਰ ਸਿੰਘ ਦੇ ਸਿਟੀ ਜਿਮ ਵਿਖੇ ਵੀ ਅਭਿਆਸ ਕਰਦੀ ਹੈ। ਇਸ ਤੋਂ ਇਲਾਵਾ ਡਾ. ਅਰਵਿੰਦ ਗਿੱਲ ਵੱਲੋਂ ਉਸ ਨੂੰ ਫਿਜ਼ੀਓਥੈਰੇਪੀ ਸਬੰਧੀ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਾਰਿਆਂ ਦੇ ਸਹਿਯੋਗ ਅਤੇ ਆਪਣੀ ਸਖ਼ਤ ਮਿਹਨਤ ਸਦਕਾ ਸੋਨੀ ਲਗਾਤਾਰ ਨਵੀਆਂ ਪ੍ਰਾਪਤੀਆਂ ਕਰ ਰਹੀ ਹੈ।
ਇਹ ਵੀ ਮਾਣ ਵਾਲੀ ਗੱਲ ਹੈ ਕਿ ਸੋਨੀ ਕੌਰ ਇਸ ਸਮੇਂ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਹੈ ਅਤੇ ਖੇਡਾਂ ਦੇ ਨਾਲ-ਨਾਲ ਆਪਣੀ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇ ਰਹੀ ਹੈ।
ਸੋਨੀ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਉਸ ਦੇ ਪਰਿਵਾਰਕ ਮੈਂਬਰਾਂ, ਕੋਚਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਉਸ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

