ਹੁਸ਼ਿਆਰਪੁਰ ਵਿੱਚ 13 ਨੂੰ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਲੱਗੇਗਾ ਜ਼ਿਲ੍ਹਾ ਪੱਧਰੀ ਕੈਂਪ
ਬਜ਼ੁਰਗਾਂ ਦੀ ਸਿਹਤ, ਹੱਕਾਂ ਅਤੇ ਭਲਾਈ ਨਾਲ ਸਬੰਧਤ ਸੇਵਾਵਾਂ ਇੱਕੋ ਥਾਂ ’ਤੇ ਹੋਣਗੀਆਂ ਉਪਲਬਧ
ਹੁਸ਼ਿਆਰਪੁਰ, 8 ਅਕਤੂਬਰ: ਬਜ਼ੁਰਗਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਵੱਖ-ਵੱਖ ਸਿਹਤ ਤੇ ਸਮਾਜਿਕ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ 13 ਅਕਤੂਬਰ ਤੋਂ ਜ਼ਿਲ੍ਹੇ ਵਿੱਚ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 13 ਅਕਤੂਬਰ ਨੂੰ ਸਿਟੀ ਸੈਂਟਰ ਨੇੜੇ ਸਰਵਿਸ ਕਲੱਬ, ਊਨਾ ਰੋਡ, ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਜਾਵੇਗਾ। ਕੈਂਪ ਦੌਰਾਨ ਬਜ਼ੁਰਗਾਂ ਦੀ ਸਿਹਤ ਜਾਂਚ, ਅੱਖਾਂ ਦੀ ਜਾਂਚ ਅਤੇ ਆਯੁਰਵੈਦਿਕ ਡਾਕਟਰਾਂ ਵੱਲੋਂ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਅੱਖਾਂ ਦੀ ਜਾਂਚ ਤੋਂ ਬਾਅਦ ਲੋੜਵੰਦ ਬਜ਼ੁਰਗਾਂ ਦੇ ਮੋਤੀਆਬਿੰਦ ਦੇ ਅਪਰੇਸ਼ਨ ਮੁਫ਼ਤ ਕਰਵਾਏ ਜਾਣਗੇ ਅਤੇ ਲੋੜ ਅਨੁਸਾਰ ਐਨਕਾਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅਲਿਮਕੋ ਵੱਲੋਂ ਲੋੜਵੰਦ ਬਜ਼ੁਰਗਾਂ ਲਈ ਟ੍ਰਾਈਸਾਈਕਲ, ਕੰਨਾਂ ਦੀ ਮਸ਼ੀਨ, ਵ੍ਹੀਲਚੇਅਰ, ਸਰਵਾਈਕਲ ਕਾਲਰ, ਬੇਸ ਬੈਲਟ ਅਤੇ ਸਟਿਕ ਆਦਿ ਸਹਾਇਤਾ ਉਪਕਰਣਾਂ ਦੀ ਅਸੈਸਮੈਂਟ ਕੀਤੀ ਜਾਵੇਗੀ।
ਸਹਾਇਤਾ ਉਪਕਰਣਾਂ ਦੀ ਮੁਫ਼ਤ ਵੰਡ ਲਈ ਅਸੈਸਮੈਂਟ ਕਰਵਾਉਣ ਵਾਲੇ ਬਜ਼ੁਰਗ ਆਪਣੇ ਨਾਲ ਆਧਾਰ ਕਾਰਡ, ਪੈਨਸ਼ਨ ਸਰਟੀਫਿਕੇਟ, ਸਰਪੰਚ ਜਾਂ ਐਮ.ਸੀ. ਵੱਲੋਂ ਜਾਰੀ ਆਮਦਨ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਜ਼ਰੂਰ ਲੈ ਕੇ ਆਉਣ।
ਕੈਂਪ ਦੌਰਾਨ ਬਜ਼ੁਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ, ਬੈਂਕਿੰਗ ਅਤੇ ਡਿਜੀਟਲ ਸਾਖਰਤਾ ਸਬੰਧੀ ਜਾਣਕਾਰੀ ਵੀ ਦਿੱਤੀ ਜਾਵੇਗੀ। ਬਜ਼ੁਰਗਾਂ ਅਤੇ ਨੌਜਵਾਨਾਂ ਵਿਚਕਾਰ ਆਪਸੀ ਸੰਪਰਕ ਵਧਾਉਣ ਲਈ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਇਸ ਤੋਂ ਬਾਅਦ 22 ਅਕਤੂਬਰ ਨੂੰ ਸਿਵਲ ਹਸਪਤਾਲ ਮੁਕੇਰੀਆਂ, 27 ਅਕਤੂਬਰ ਨੂੰ ਸਿਵਲ ਹਸਪਤਾਲ ਦਸੂਹਾ ਅਤੇ 3 ਨਵੰਬਰ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਵੀ ਸਿਹਤ ਜਾਂਚ ਕੈਂਪ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਬਜ਼ੁਰਗਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

